ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਦੇ ਪਿੰਡ ਚੰਦਬਾਜਾ 'ਚ ਇੱਕ ਲੋਕ ਮਿਲਨੀ ਲਈ ਆਏ ਸਨ। ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਪਿੰਡ ਦਾ ਰਹਿਣ ਵਾਲਾ ਤੇ ਸਿਹਤ ਵਿਭਾਗ ਦਾ ਕਰਮਚਾਰੀ ਜਸਮੇਲ ਪਿੰਡ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਉਸ ਨੇ ਪੱਤਰਕਾਰਾਂ ਨੂੰ ਇੱਕ ਵੀਡੀਓ ਭੇਜੀ, ਜਿਸ 'ਚ ਡੀਐਸਪੀ ਦੀ ਮੌਕੇ 'ਤੇ ਬੁਲਾਉਣ ਦੀ ਮੰਗ ਕੀਤੀ ਗਈ ਤੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਰਾਤ 10:30 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ। ਲਗਭਗ ਤਿੰਨ ਘੰਟੇ ਚੱਲੇ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਸਦਰ ਥਾਣਾ ਫਰੀਦਕੋਟ ਦੇ ਐਸਐਚਓ ਇੰਸਪੈਕਟਰ ਰਾਜੇਸ਼ ਕੁਮਾਰ ਮੌਕੇ 'ਤੇ ਪਹੁੰਚੇ ਤੇ ਨੌਜਵਾਨ ਨੂੰ ਸੁਰੱਖਿਅਤ ਟੈਂਕੀ ਤੋਂ ਹੇਠਾਂ ਉਤਾਰਿਆ।